ਸਵਰਨਕਾਰ ਭਾਈਚਾਰੇ ਦੇ ਹੱਕਾਂ ਦੀ ਰਾਖੀ ਅਤੇ ਕਾਰੋਬਾਰੀ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਾਂਗਾ : ਅਵਤਾਰ ਸਿੰਘ ਕੰਡਾ ਸਵੀਟੀ
ਅੰਮ੍ਰਿਤਸਰ, 20 ਜੂਨ (ਕੇ.ਐਲ. ਜੀਤ ਵਾਲੀਆ) – ਨੈਸ਼ਨਲ ਰਾਜਪੂਤ ਵੈਲਫੇਅਰ ਐਸੋਸੀਏਸ਼ਨ (ਰਜਿ.) ਵੱਲੋਂ ਸਵਰਨਕਾਰ ਭਾਈਚਾਰੇ ਦੀ ਭਲਾਈ ਅਤੇ ਸਮਾਜਿਕ ਸੇਵਾਵਾਂ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਮੱਦੇਨਜ਼ਰ ਰੱਖਦਿਆਂ ਅੰਮ੍ਰਿਤਸਰ ਦੇ ਉੱਘੇ ਸਵਰਨਕਾਰ ਆਗੂ ਅਵਤਾਰ ਸਿੰਘ ਕੰਡਾ ਸਵੀਟੀ ਨੂੰ ਐਸੋਸੀਏਸ਼ਨ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਸਵਰਨਕਾਰ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਵੱਖ-ਵੱਖ ਸਮਾਜਿਕ ਤੇ ਵਪਾਰਕ ਸੰਗਠਨਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਨਵ-ਨਿਯੁਕਤ ਸਕੱਤਰ ਅਵਤਾਰ ਸਿੰਘ ਕੰਡਾ ਸਵੀਟੀ ਨੇ ਸਵਰਨਕਾਰ ਭਾਈਚਾਰੇ ਦੇ ਅਨਮੋਲ ਹੀਰੇ ਅਤੇ ਜਿੰਦ ਜਾਨ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਕੰਡਾ, ਜਨਰਲ ਸਕੱਤਰ ਸੁਰਜੀਤ ਸਿੰਘ ਸਹਿਜਰਾ, ਸਰਪ੍ਰਸਤ ਪਰਗਟ ਸਿੰਘ ਧੁੰਨਾ, ਨਿਰਮਲ ਸਿੰਘ ਨਿਜਾਮਪੁਰਾ, ਦਿਲਬਾਗ ਸਿੰਘ ਸਹਿਦੇਵ, ਕੁਲਦੀਪ ਸਿੰਘ ਮਮਦੂ ਸਮੇਤ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਸਵਰਨਕਾਰ ਭਾਈਚਾਰੇ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਤਨਦੇਹੀ ਨਾਲ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਸਵਰਨਕਾਰ ਰਾਜਪੂਤ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਨਾ, ਉਨ੍ਹਾਂ ਦੀਆਂ ਕਾਰੋਬਾਰ ਨਾਲ ਸਬੰਧਤ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਅਤੇ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਐਸੋਸੀਏਸ਼ਨ ਨਾਲ ਜੋੜ ਕੇ ਸੰਗਠਨ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੀ ਲਗਾਤਾਰ ਯਤਨ ਕੀਤੇ ਜਾਣਗੇ।
ਅਵਤਾਰ ਸਿੰਘ ਕੰਡਾ ਸਵੀਟੀ ਨੇ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਸਵਰਨਕਾਰ ਭਾਈਚਾਰੇ ਦੇ ਸਮਾਜਿਕ, ਆਰਥਿਕ ਅਤੇ ਵਪਾਰਕ ਹਿੱਤਾਂ ਦੀ ਰਾਖੀ ਲਈ ਵਚਨਬੱਧ ਰਹੀ ਹੈ ਅਤੇ ਉਹ ਵੀ ਇਸ ਮਿਸ਼ਨ ਨੂੰ ਅੱਗੇ ਵਧਾਉਣ ਲਈ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਭਾਈਚਾਰੇ ਦੀ ਏਕਤਾ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕੀਤਾ ਜਾਵੇਗਾ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਅਵਤਾਰ ਸਿੰਘ ਕੰਡਾ ਸਵੀਟੀ ਆਪਣੀ ਮਿਹਨਤ, ਤਜਰਬੇ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਐਸੋਸੀਏਸ਼ਨ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।