ਗੱਦੀਨਸ਼ੀਨ ਸੁਰੇਸ਼ ਸ਼ਰਮਾ ਦੀ ਅਗਵਾਈ ਹੇਠ ਹਜ਼ਰਤ ਬਾਬਾ ਜਾਹਰਾ ਪੀਰ ਜੀ ਦਾ ਸਾਲਾਨਾ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ
ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ: ਅਮਿਤ ਜੋਸ਼ੀ
ਅੰਮ੍ਰਿਤਸਰ, 18 ਜੂਨ (ਕੇ.ਐਲ. ਜੀਤ ਵਾਲੀਆ):
ਅੰਮ੍ਰਿਤਸਰ ਦੇ ਇਤਿਹਾਸਕ ਅਤੇ ਪ੍ਰਸਿੱਧ ਹਾਲ ਗੇਟ ਨੇੜੇ ਸਥਿਤ ਹਜ਼ਰਤ ਬਾਬਾ ਜਾਹਰਾ ਪੀਰ ਜੀ ਦੀ ਪਾਵਨ ਦਰਗਾਹ ਵਿਖੇ ਅੱਜ ਸਾਲਾਨਾ ਮੇਲਾ ਬੜੀ ਸ਼ਰਧਾ, ਧਾਰਮਿਕ ਉਤਸ਼ਾਹ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨਾਲ ਮਨਾਇਆ ਗਿਆ। ਦਰਗਾਹ ਦੇ ਗੱਦੀਨਸ਼ੀਨ ਅਤੇ ਪ੍ਰਬੰਧਕ ਸੁਰੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਬਾਬਾ ਜੀ ਦੀ ਦਰਗਾਹ ‘ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।
ਦਰਗਾਹ ਦੇ ਮੁੱਖ ਸੇਵਾਦਾਰ ਨਰਿੰਦਰ ਕੁਮਾਰ ਟੀਨੂ ਅਤੇ ਮਨੋਜ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਵਿੱਚ ਦੂਰ-ਦੂਰ ਤੋਂ ਆਈਆਂ ਸੰਗਤਾਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਹਜ਼ਰਤ ਬਾਬਾ ਜਾਹਰਾ ਪੀਰ ਜੀ ਦੀ ਦਰਗਾਹ ਲੋਕਾਂ ਦੀ ਅਟੁੱਟ ਆਸਥਾ ਦਾ ਕੇਂਦਰ ਹੈ ਅਤੇ ਇੱਥੇ ਸੱਚੇ ਮਨ ਨਾਲ ਆਉਣ ਵਾਲੇ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਦਰਗਾਹ ਧਾਰਮਿਕ ਏਕਤਾ, ਆਪਸੀ ਭਾਈਚਾਰੇ ਅਤੇ ਇਨਸਾਨੀਅਤ ਦਾ ਸੰਦੇਸ਼ ਦਿੰਦੀ ਹੈ, ਜਿਸ ਕਾਰਨ ਹਰ ਧਰਮ ਦੇ ਲੋਕ ਇੱਥੇ ਨਤਮਸਤਕ ਹੋਣ ਲਈ ਪਹੁੰਚਦੇ ਹਨ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਆਮ ਆਦਮੀ ਪਾਰਟੀ ਲੀਗਲ ਵਿੰਗ (ਮਾਝਾ ਜ਼ੋਨ) ਦੇ ਚੇਅਰਮੈਨ ਅਤੇ ਅਜਨਾਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਜਰ, ਅੰਮ੍ਰਿਤਸਰ ਪੁਲਿਸ ਟਰੈਫਿਕ ਦੀ ਏਡੀਸੀਪੀ ਅਮਨਦੀਪ ਕੌਰ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਪੁੱਤਰ ਵਿਕਾਸ ਸੋਨੀ, ਹਲਕਾ ਉੱਤਰੀ ਦੇ ਇੰਚਾਰਜ ਅਨਿਲ ਜੋਸ਼ੀ ਦੇ ਪੁੱਤਰ ਅਮਿਤ ਜੋਸ਼ੀ, ਸਮਾਜ ਸੇਵਕ ਅਤੇ ਸੀਨੀਅਰ ਆਗੂ ਮਾਮਾ ਸਿਕੰਦਰ ਸਿੰਘ, ਇੰਸਪੈਕਟਰ ਅਮਰਜੀਤ ਸਿੰਘ, ਇੰਸਪੈਕਟਰ ਨਵਨੀਤ ਕੌਰ, ਇੰਸਪੈਕਟਰ ਵਿਕਰਾਂਤ, ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਦੇ ਉਪ ਪ੍ਰਧਾਨ ਰਾਜੇਸ਼ ਰਾਜਾ, ਨਵ ਨਿਰਮਾਣ ਸੋਸਾਇਟੀ ਅੰਮ੍ਰਿਤਸਰ ਦੇ ਚੇਅਰਮੈਨ ਅਰੁਣ ਮਹਾਜਨ, ਅਸ਼ਵਨੀ ਨਾਰੰਗ, ਸਮਾਜ ਸੇਵਿਕਾ ਸ਼ਿਵਾਨੀ ਭਗਤ, ਪੰਜਾਬ ਮੀਡੀਆ ਟਾਈਮਜ਼ ਅਖ਼ਬਾਰ ਦੇ ਮੁੱਖ ਸੰਪਾਦਕ ਕੇ.ਐਲ. ਜੀਤ ਵਾਲੀਆ ਸਮੇਤ ਕਈ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਐਡਵੋਕੇਟ ਹਰਪਾਲ ਸਿੰਘ ਨਿੱਜਰ ਨੇ ਕਿਹਾ ਕਿ ਪੀਰਾਂ-ਫਕੀਰਾਂ ਨੇ ਹਮੇਸ਼ਾ ਮਨੁੱਖਤਾ, ਪਿਆਰ, ਸੇਵਾ, ਸੱਚ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਜਿਹੜੇ ਪੀਰ-ਫਕੀਰ ਆਉਂਦੇ ਹਨ, ਉਹ ਰੱਬ ਦੇ ਵਜ਼ੀਰ ਹੁੰਦੇ ਹਨ ਅਤੇ ਉਨ੍ਹਾਂ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮ ਇਨਸਾਨ ਨੂੰ ਪਿਆਰ, ਸੇਵਾ, ਭਾਈਚਾਰੇ ਅਤੇ ਸਦਭਾਵਨਾ ਨਾਲ ਜੀਣਾ ਸਿਖਾਉਂਦੇ ਹਨ ਅਤੇ ਸਾਨੂੰ ਇਨ੍ਹਾਂ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ।
ਗੱਦੀਨਸ਼ੀਨ ਸੁਰੇਸ਼ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਹਰ ਮਨੁੱਖ ਨੂੰ ਆਪਣੇ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਨਾਮ ਜਪਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜੀਵਨ ਵਿੱਚ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ।
ਇਸ ਮੌਕੇ ਅਮਿਤ ਜੋਸ਼ੀ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਰ ਧਰਮ ਦੇ ਤਿਉਹਾਰ ਆਪਸੀ ਪਿਆਰ ਅਤੇ ਭਾਈਚਾਰੇ ਨਾਲ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਧਾਰਮਿਕ ਸਾਂਝ ਅਤੇ ਆਪਸੀ ਸਦਭਾਵਨਾ ਦੀ ਪ੍ਰਤੀਕ ਰਹੀ ਹੈ ਅਤੇ ਇਸ ਵਿਰਾਸਤ ਨੂੰ ਅੱਗੇ ਵੀ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਮੇਲੇ ਦੌਰਾਨ ਦਰਗਾਹ ਵਿੱਚ ਧਾਰਮਿਕ ਰਸਮਾਂ ਸ਼ਰਧਾ ਨਾਲ ਨਿਭਾਈਆਂ ਗਈਆਂ ਅਤੇ ਸ਼ਰਧਾਲੂਆਂ ਲਈ ਲੰਗਰ ਅਤੇ ਹੋਰ ਸੇਵਾਵਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਪੂਰੇ ਮੇਲੇ ਦੌਰਾਨ ਸ਼ਰਧਾ, ਸਦਭਾਵਨਾ, ਭਾਈਚਾਰਕ ਸਾਂਝ ਅਤੇ ਧਾਰਮਿਕ ਏਕਤਾ ਦਾ ਮਾਹੌਲ ਬਣਿਆ ਰਿਹਾ।
ਅੰਤ ਵਿੱਚ ਦਰਗਾਹ ਪ੍ਰਬੰਧਕਾਂ ਨੇ ਸਮੂਹ ਸੰਗਤਾਂ, ਮਹਿਮਾਨਾਂ ਅਤੇ ਸੇਵਾਦਾਰਾਂ ਦਾ ਮੇਲੇ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਬਾਬਾ ਜਾਹਰਾ ਪੀਰ ਜੀ ਦੇ ਚਰਨਾਂ ਵਿੱਚ ਸਮੂਹ ਲੋਕਾਂ ਦੀ ਚੜ੍ਹਦੀ ਕਲਾ, ਦੇਸ਼ ਦੀ ਤਰੱਕੀ, ਅਮਨ-ਸ਼ਾਂਤੀ ਅਤੇ ਵਿਸ਼ਵ ਭਾਈਚਾਰੇ ਲਈ ਅਰਦਾਸ ਕੀਤੀ।