ਨਵੀਂ ਦਿੱਲੀ, 21 ਜੁਲਾਈ (ਕੇ.ਐਲ. ਜੀਤ ਵਾਲੀਆ) – ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੀ ਸ਼ਹਾਦਤ ਦੇ 100ਵੇਂ ਵਰ੍ਹੇ ਨੂੰ ਸਮਰਪਿਤ ਵਿਸ਼ਾਲ ਅਤੇ ਰੂਹਾਨੀ ਕੀਰਤਨ ਦਰਬਾਰ ਗੁਰਦੁਆਰਾ ਗੁਰੂ ਸਿੰਘ ਸਭਾ, ਨਾਰੰਗ ਕਾਲੋਨੀ, ਜਨਕਪੁਰੀ, ਨਵੀਂ ਦਿੱਲੀ ਵਿਖੇ ਬੜੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਸਜਾਇਆ ਗਿਆ। ਇਸ ਪਾਵਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਮਾਗਮ ਵਿੱਚ ਦਿੱਲੀ ਦੇ ਮਾਨਯੋਗ ਉਪ ਰਾਜਪਾਲ ਸਰਦਾਰ ਤਰਨਜੀਤ ਸਿੰਘ ਸੰਧੂ ਅਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਆਸ਼ੀਸ਼ ਸੂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੋਵਾਂ ਆਗੂਆਂ ਨੇ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਬਲਿਦਾਨ ਸਿੱਖ ਇਤਿਹਾਸ ਦਾ ਅਮਰ ਅਧਿਆਇ ਹੈ, ਜਿਸ ਨੇ ਪੰਥਕ ਸੰਸਥਾਵਾਂ ਨੂੰ ਮਜ਼ਬੂਤੀ ਦੇਣ ਅਤੇ ਕੌਮੀ ਅਸਮਿਤਾ ਦੀ ਰੱਖਿਆ ਲਈ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਸੱਚ, ਸੇਵਾ ਅਤੇ ਕੁਰਬਾਨੀ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ, ਚੰਦਰ ਨਗਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਗੁਰਦੁਆਰਾ ਗੁਰੂ ਸਿੰਘ ਸਭਾ ਨਾਰੰਗ ਕਾਲੋਨੀ ਦੇ ਪੈਟਰਨ ਸਰਦਾਰ ਤਰਲੋਚਨ ਸਿੰਘ ਢਿੱਲੋਂ ਨੇ ਉਪ ਰਾਜਪਾਲ ਸਰਦਾਰ ਤਰਨਜੀਤ ਸਿੰਘ ਸੰਧੂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੇ ਜੀਵਨ, ਸੰਘਰਸ਼, ਸਿੱਖ ਪੰਥ ਲਈ ਦਿੱਤੀਆਂ ਸੇਵਾਵਾਂ ਅਤੇ ਇਤਿਹਾਸਕ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਸਮਾਗਮ ਦੌਰਾਨ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਕੀਤਾ ਗਿਆ, ਜਿਸ ਨੇ ਸਮੁੱਚੇ ਮਾਹੌਲ ਨੂੰ ਰੂਹਾਨੀ ਰੰਗ ਵਿੱਚ ਰੰਗ ਦਿੱਤਾ। ਹਾਜ਼ਰ ਸੰਗਤਾਂ ਨੇ ਗੁਰਬਾਣੀ ਦਾ ਰਸਭਿੰਨਾ ਆਨੰਦ ਮਾਣਦਿਆਂ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।

ਅੰਤ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਸ਼ਰਧਾ ਨਾਲ ਪ੍ਰਸ਼ਾਦ ਛਕਿਆ। ਸਮਾਗਮ ਪੂਰੀ ਤਰ੍ਹਾਂ ਧਾਰਮਿਕ, ਅਨੁਸ਼ਾਸਿਤ ਅਤੇ ਭਾਈਚਾਰਕ ਮਾਹੌਲ ਵਿੱਚ ਸੰਪੰਨ ਹੋਇਆ। ਇਸ ਮੌਕੇ ਮੌਕੇ ਸਾਬਕਾ ਮੇਅਰ ਨਰਿੰਦਰ ਚਾਵਲਾ, ਰਣਜੋਤ ਸਿੰਘ ਸਾਹਨੀ, ਐਚ ਐਸ ਕੋਹਲ਼ੀ,ਅਰਵਿੰਦਰ ਸਿੰਘ, ਰਾਜੇਸ਼ ਅਰੋੜਾ, ਰਘਬੀਰ ਸਿੰਘ, ਹਰਪਾਲ ਸਿੰਘ ਬਖ਼ਸੀ,ਅਜੀਤ ਸਿੰਘ ਓਬਰਾਏ, ਇਸਤਰੀ ਸਤਸੰਗ ਦੀ ਪ੍ਰਧਾਨ ਬਬਲੀ ਸੇਠੀ ਭੈਣ ਜੀ, ਸਤੀਸ਼ ਸੇਖਰੀ, ਰੋਹਿਤ ਗੁਪਤਾ, ਅਸ਼ਵਨੀ ਸ਼ਰਮਾ, ਰਣਜੀਤ ਸਿੰਘ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਮੋਹਤਵਰ ਹਾਜ਼ਰ ਸਨ