ਅੰਮ੍ਰਿਤਸਰ, 28 ਅਪ੍ਰੈਲ(ਕੇ.ਐਲ. ਜੀਤ ਵਾਲੀਆ)- ਅੰਮ੍ਰਿਤਸਰ ਦੇ ਛੇਹਰਟਾ ਵਿਚ ਅੱਜ ਦੁਪਹਿਰ ਕਰੀਬ 12:30 ਵਜੇ ਇਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਨੇ ਪੂਰੇ ਇਲਾਕੇ ਨੂੰ ਸਹਿਮ ਦਾ ਮਾਹੌਲ ਬਣਾ ਦਿੱਤਾ!
ਮਿਲੀ ਜਾਣਕਾਰੀ ਅਨੁਸਾਰ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ ਇਕ ਨੌਜਵਾਨ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਇਕ ਹੋਰ ਨੌਜਵਾਨ ਵੀ ਗੰਭੀਰ ਰੂਪ ਵਿਚ ਜ਼ਖਮੀ ਹੋਇਆ, ਜਿਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਲੜਕੀ ਦੀ ਪਹਿਚਾਣ ਸਲੋਨੀ ਵਜੋਂ ਹੋਈ ਹੈ, ਜਿਸ ਦੀ ਉਮਰ ਲਗਭਗ 20 ਸਾਲ ਦੱਸੀ ਜਾ ਰਹੀ ਹੈ। ਉਹ ਅੰਮ੍ਰਿਤਸਰ ਦੇ ਇਕ ਪੋਲੋਟੈਕਨੀਕਲ ਕਾਲਜ ਵਿਚ ਬੀ ਫਾਰਮੇਸੀ ਕੋਰਸ ਦੀ ਫਾਈਨਲ ਈਅਰ ਦੀ ਵਿਦਿਆਰਥਣ ਸੀ ਤੇ ਅੱਜ ਉਸ ਦਾ ਪਹਿਲਾ ਪੇਪਰ ਸੀ। ਉਹ ਪੇਪਰ ਦੇਣ ਆਪਣੇ ਭਰਾ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਹੀ ਸੀ ਤਾਂ ਪਿੱਛੋਂ ਲੱਦੀ ਆ ਰਹੀ ਮਿੱਟੀ ਦੀ ਇਕ ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਐਕਟਿਵਾ ਸਵਾਰ ਲੜਕਾ ਤੇ ਲੜਕੀ ਡਿੱਗ ਪਏ ਤੇ ਸਾਹਮਣਿਓ ਗਲਤ ਦਿਸ਼ਾ ਤੋਂ ਤੇਜ਼ ਰਫਤਾਰ ਆ ਰਹੀ ਮਿੱਟੀ ਦੇ ਟਰੈਕਟਰ ਤੇ ਟਰਾਲੀ ਦੇ ਟਾਇਰਾਂ ਹੇਠ ਆਉਣ ਕਾਰਨ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਇਲਾਕਾ ਨਿਵਾਸੀਆਂ ਵਲੋਂ ਹਸਪਤਾਲ ਲਿਜਾਂਦੇ ਸਮੇਂ ਲੜਕੀ ਦੀ ਮੌਤ ਹੋ ਗਈ ਤੇ ਜ਼ਖਮੀ ਨੌਜਵਾਨ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਟਰੈਕਟਰ ਚਾਲਕ ਸਮੇਤ 2 ਵਿਅਕਤੀਆਂ ਨੂੰ ਫੜ ਕੇ ਪੀਸੀਆਰ ਦੇ ਹਵਾਲੇ ਕਰ ਦਿੱਤਾ।ਘਟਨਾ ਦੀ ਜਾਣਕਾਰੀ ਮਿਲਣ ‘ਤੇ ਛੇਹਰਟਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਥਾਣਾ ਮੁਖੀ ਨੇ ਕਿਹਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਗੁੱਸੇ ਅਤੇ ਗਮ ਦਾ ਮਾਹੌਲ ਹੈ। ਗੱਲਬਾਤ ਕਰਦਿਆਂ ਹੋਇਆ ਪੁਲਿਸ ਅਧਿਕਾਰੀ ਨੇ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇ ਉਹ ਕੀਤੀ ਜਾਵੇਗੀ।
ਇਸ ਮੌਕੇ ਦੁਕਾਨਦਾਰ ਆਗੂ ਉੱਘੇ ਸਮਾਜ ਸੇਵਕ ਗੁਰਜੀਤ ਸਿੰਘ, ਬਲਵੰਤ ਸਿੰਘ ਆਰੇ ਵਾਲੇ, ਸਮਾਜ ਸੇਵਕ ਸਰਬਜੀਤ ਸਿੰਘ ਹੈਰੀ, ਧਰਮਾ ਪ੍ਰਧਾਨ ਛੇਹਰਟਾ, ਮਨਪ੍ਰੀਤ ਸਿੰਘ ਲਾਲੀ, ਮੁਖਤਿਆਰ ਸਿੰਘ ਪੱਪੂ, ਰਾਜ ਕੁਮਾਰ, ਸਰਬਜੀਤ ਸਿੰਘ, ਮਲਕੀਤ ਸਿੰਘ, ਇਕਬਾਲ ਸਿੰਘ ਕਠਾਣੀਆ, ਪਰਜਿੰਦਰ ਸਿੰਘ ਖਾਲਸਾ, ਰਜਿੰਦਰ ਸਿੰਘ ਰਾਜੂ, ਅਮਰਜੀਤ ਸਿੰਘ ਕਾਲਾ, ਗੁਰਦੇਵ ਸਿੰਘ ਮਾਨ, ਪ੍ਰਧਾਨ ਜਸਵੀਰ ਸਿੰਘ ਅਰੋੜਾ ਆਦਿ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਅਜਿਹੀਆਂ ਘਟਨਾ ਫਿਰ ਨਾ ਵਾਪਰਨ ਇਸ ਲਈ ਸਖਤ ਤੋਂ ਸਖਤ ਕਦਮ ਉਠਾਏ ਜਾਣ ਅਤੇ ਕਥਿਤ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ