ਵਿਦੇਸ਼ ਜਾਣ ਦੇ ਸੁਪਨੇ ਅਤੇ ਠੱਗ ਏਜੰਟਾਂ ਦਾ ਜਾਲ: ਪੰਜਾਬ ਦੇ ਨੌਜਵਾਨਾਂ ਲਈ ਚੇਤਾਵਨੀ

ਐਡਵੋਕੇਟ ਹਰਸੰਗੀਤ ਸਿੰਘ

(ਇਮੀਗ੍ਰੇਸ਼ਨ ਮਾਹਿਰ)

ਵਰਤਮਾਨ ਵਿੱਚ ਕੈਨੇਡਾ ਵਿੱਚ ਸੇਵਾਵਾਂ ਨਿਭਾ ਰਹੇ ਹਨ।

ਪੰਜਾਬ ਵਿੱਚ ਵਿਦੇਸ਼ ਜਾਣ ਦਾ ਸੁਪਨਾ ਅੱਜ ਲਗਭਗ ਹਰ ਦੂਜੇ ਨੌਜਵਾਨ ਦੀਆਂ ਅੱਖਾਂ ਵਿੱਚ ਵੱਸਦਾ ਹੈ। ਕੈਨੇਡਾ, ਆਸਟ੍ਰੇਲੀਆ, ਅਮਰੀਕਾ ਅਤੇ ਯੂਰਪ ਵਰਗੇ ਦੇਸ਼ਾਂ ਵਿੱਚ ਚੰਗੇ ਭਵਿੱਖ, ਉੱਚੀ ਆਮਦਨ ਅਤੇ ਬਿਹਤਰ ਜੀਵਨ ਦੀ ਲਾਲਸਾ ਨੇ ਨੌਜਵਾਨਾਂ ਨੂੰ ਵਿਦੇਸ਼ ਵੱਲ ਖਿੱਚਿਆ ਹੈ। ਪਰ ਇਸ ਸੁਪਨੇ ਨੂੰ ਸਾਕਾਰ ਕਰਨ ਦੀ ਇਸ ਦੌੜ ਵਿੱਚ ਕਈ ਨੌਜਵਾਨ ਨਕਲੀ ਇਮੀਗ੍ਰੇਸ਼ਨ ਏਜੰਟਾਂ ਦੇ ਜਾਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਦੀ ਜਮਾਪੂੰਜੀ ਗੁਆ ਰਹੇ ਹਨ।

ਪਿਛਲੇ ਕੁਝ ਸਮੇਂ ਦੌਰਾਨ ਪੰਜਾਬ, ਖ਼ਾਸ ਕਰਕੇ ਮੋਹਾਲੀ ਅਤੇ ਚੰਡੀਗੜ੍ਹ ਖੇਤਰ ਵਿੱਚ ਕਰੋੜਾਂ ਰੁਪਏ ਦੀਆਂ ਠੱਗੀਆਂ ਦੇ ਮਾਮਲੇ ਸਾਹਮਣੇ ਆਏ ਹਨ। ਕਈ ਠੱਗ ਗਿਰੋਹਾਂ ਨੇ ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਵਰਕ ਪਰਮਿਟ, ਸਟੂਡੈਂਟ ਵੀਜ਼ਾ, ਪੀਆਰ ਅਤੇ ਹੋਰ ਵੀਜ਼ਿਆਂ ਦੇ ਨਾਂ ‘ਤੇ ਨੌਜਵਾਨਾਂ ਤੋਂ ਲੱਖਾਂ ਰੁਪਏ ਵਸੂਲ ਕੀਤੇ ਹਨ। ਇਹ ਨਕਲੀ ਏਜੰਟ ਝੂਠੇ ਵਾਅਦੇ, ਫਰਜ਼ੀ ਦਸਤਾਵੇਜ਼ ਅਤੇ ਗਲਤ ਜਾਣਕਾਰੀ ਦੇ ਆਧਾਰ ‘ਤੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ।

ਇਮੀਗ੍ਰੇਸ਼ਨ ਮਾਮਲਿਆਂ ਦੇ ਜਾਣਕਾਰ ਐਡਵੋਕੇਟ ਹਰਸੰਗੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਭੋਲੇ-ਭਾਲੇ ਨੌਜਵਾਨ ਅਕਸਰ ਵਿਦੇਸ਼ ਵਿੱਚ ਸੁਨਹਿਰਾ ਭਵਿੱਖ ਬਣਾਉਣ ਦੀ ਲਾਲਸਾ ਵਿੱਚ ਅਜਿਹੇ ਠੱਗ ਏਜੰਟਾਂ ਦੇ ਅੜਿੱਕੇ ਚੜ੍ਹ ਜਾਂਦੇ ਹਨ। ਇਹਨਾਂ ਕੋਲ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਲਾਇਸੈਂਸ ਨਹੀਂ ਹੁੰਦਾ, ਪਰ ਇਹ ਆਪਣੇ ਆਪ ਨੂੰ ਵੱਡੇ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਪੇਸ਼ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਜਾਂ ਹੋਰ ਵੱਡੇ ਦੇਸ਼ਾਂ ਦੇ ਵੀਜ਼ੇ ਜਾਂ ਵਰਕ ਪਰਮਿਟ ਦੇ ਨਾਂ ‘ਤੇ ਨੌਜਵਾਨਾਂ ਦੇ ਪਰਿਵਾਰਾਂ ਤੋਂ ਲੱਖਾਂ ਰੁਪਏ ਲਏ ਜਾਂਦੇ ਹਨ। ਕਈ ਮਾਪੇ ਆਪਣੀ ਸਾਰੀ ਉਮਰ ਦੀ ਕਮਾਈ, ਜ਼ਮੀਨਾਂ ਵੇਚ ਕੇ, ਕਰਜ਼ਾ ਲੈ ਕੇ ਜਾਂ ਵੱਡੇ ਵਿਆਜ ‘ਤੇ ਪੈਸਾ ਇਕੱਠਾ ਕਰਕੇ ਇਹ ਰਕਮ ਦਿੰਦੇ ਹਨ। ਬਾਅਦ ਵਿੱਚ ਨਾ ਤਾਂ ਵੀਜ਼ਾ ਮਿਲਦਾ ਹੈ ਅਤੇ ਨਾ ਹੀ ਪੈਸੇ ਵਾਪਸ ਆਉਂਦੇ ਹਨ। ਉਲਟਾ ਪਰਿਵਾਰਾਂ ਨੂੰ ਥਾਣਿਆਂ ਅਤੇ ਕਚਹਿਰੀਆਂ ਦੇ ਚੱਕਰ ਕੱਟਣੇ ਪੈਂਦੇ ਹਨ।

ਐਡਵੋਕੇਟ ਹਰਸੰਗੀਤ ਸਿੰਘ ਨੇ ਇਹ ਵੀ ਕਿਹਾ ਕਿ ਪਿਛਲੇ ਕਈ ਸਾਲਾਂ ਵਿੱਚ “ਡੰਕੀ ਰੂਟ” ਰਾਹੀਂ ਗਲਤ ਦਸਤਾਵੇਜ਼ਾਂ ਜਾਂ ਗੈਰਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਵਾਲੇ ਕਈ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਤੱਕ ਗਵਾ ਬੈਠੇ ਹਨ। ਮਨੁੱਖੀ ਤਸਕਰੀ ਨਾਲ ਜੁੜੇ ਕਈ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।

ਅਦਾਲਤਾਂ ਨੇ ਵੀ ਇਸ ਮਸਲੇ ਨੂੰ “ਵੱਧ ਰਹੀ ਬੁਰਾਈ” ਕਰਾਰ ਦਿੰਦਿਆਂ ਸਖ਼ਤ ਟਿੱਪਣੀਆਂ ਕੀਤੀਆਂ ਹਨ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਸਿਰਫ਼ ਸਰਕਾਰੀ ਮਨਜ਼ੂਰਸ਼ੁਦਾ ਅਤੇ ਲਾਇਸੈਂਸ ਹੋਲਡਰ ਏਜੰਟਾਂ ਨਾਲ ਹੀ ਸੰਪਰਕ ਕਰਨ।

ਉਨ੍ਹਾਂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਕਿਸੇ ਵੀ ਅਣਅਧਿਕਾਰਤ ਏਜੰਟ ਕੋਲੋਂ ਫਾਈਲ ਨਾ ਲਗਵਾਈ ਜਾਵੇ। ਸਿਰਫ਼ ਪ੍ਰੋਪਰ ਚੈਨਲ ਰਾਹੀਂ ਹੀ ਵੀਜ਼ਾ ਅਪਲਾਈ ਕੀਤਾ ਜਾਵੇ। ਗਲਤ ਦਸਤਾਵੇਜ਼ਾਂ, ਇਨਲੀਗਲ ਰਸਤੇ, ਡੰਕੀ ਰੂਟ ਜਾਂ ਕਿਸੇ ਛੋਟੇ ਰਸਤੇ ਦੀ ਲਾਲਚ ਵਿੱਚ ਨਾ ਪਿਆ ਜਾਵੇ। ਆਪਣੇ ਏਜੰਟ ਅਤੇ ਵੀਜ਼ਾ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਹਾਸਲ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਠੱਗ ਲੋਕਾਂ ਦੀ ਪਛਾਣ ਕੀਤੀ ਜਾ ਸਕੇ।

ਐਡਵੋਕੇਟ ਹਰਸੰਗੀਤ ਸਿੰਘ ਨੇ ਇਹ ਵੀ ਕਿਹਾ ਕਿ ਕੋਈ ਵੀ ਭੁਗਤਾਨ ਨਕਦ ਦੇਣ ਦੀ ਬਜਾਏ ਆਨਲਾਈਨ ਜਾਂ ਚੈਕ ਰਾਹੀਂ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋੜ ਪੈਣ ‘ਤੇ ਸਬੂਤ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਗਲਤ ਤਰੀਕਿਆਂ ਨਾਲ ਸਿਰਫ਼ ਪੈਸੇ ਅਤੇ ਸਮੇਂ ਦੀ ਬਰਬਾਦੀ ਹੀ ਨਹੀਂ ਹੁੰਦੀ, ਸਗੋਂ ਕਈ ਵਾਰ ਪੂਰੇ ਪਰਿਵਾਰ ਦੀਆਂ ਉਮੀਦਾਂ ਵੀ ਟੁੱਟ ਜਾਂਦੀਆਂ ਹਨ।

ਵਿਦੇਸ਼ ਜਾਣਾ ਗਲਤ ਨਹੀਂ, ਪਰ ਗਲਤ ਰਸਤਾ ਚੁਣਨਾ ਜ਼ਰੂਰ ਖਤਰਨਾਕ ਹੈ। ਇਸ ਲਈ ਜਾਗਰੂਕਤਾ, ਸਹੀ ਜਾਣਕਾਰੀ ਅਤੇ ਕਾਨੂੰਨੀ ਪ੍ਰਕਿਰਿਆ ਹੀ ਸੁਰੱਖਿਅਤ ਭਵਿੱਖ ਦੀ ਕੁੰਜੀ ਹੈ।

Leave a Reply

Your email address will not be published. Required fields are marked *