ਅੰਮ੍ਰਿਤਸਰ, 17 ਜੂਨ ( ਕੇ.ਐਲ. ਜੀਤ ਵਾਲੀਆ)– ਸਮਾਜਿਕ ਸੇਵਾਵਾਂ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਪਾਏ ਜਾ ਰਹੇ ਵਿਲੱਖਣ ਯੋਗਦਾਨ ਲਈ ਉੱਘੇ ਸਮਾਜ ਸੇਵਕ ਡਾ. ਸਵੈਮਾਨ ਸਿੰਘ ਜੀ ਦਾ ਕੁਲ ਹਿੰਦ ਕਿਸਾਨ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਭਾ ਦੇ ਆਗੂ ਸ: ਜਸਬੀਰ ਸਿੰਘ ਝਬਾਲ, ਐਡਵੋਕੇਟ ਕਮਲਜੀਤ ਕੌਰ, ਕਾਮਰੇਡ ਸੁੱਚਾ ਸਿੰਘ ਅਜਨਾਲਾ ਅਤੇ ਸਮੂਹ ਟੀਮ ਵੱਲੋਂ ਡਾ. ਸਵੈਮਾਨ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਡਾ. ਸਵੈਮਾਨ ਸਿੰਘ ਹਮੇਸ਼ਾ ਹੀ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋ ਕੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਰਹੇ ਹਨ, ਜਿਸ ਕਾਰਨ ਉਹ ਸਮਾਜ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ।
ਇਸ ਮੌਕੇ ਡਾ. ਰਾਜਬੀਰ ਕੌਰ ਬੀਰ ਗਰੇਵਾਲ ਵੱਲੋਂ ਡਾ. ਸਵੈਮਾਨ ਸਿੰਘ ਨੂੰ ਆਪਣੀ ਪੁਸਤਕ “ਨਵੀਆਂ ਕਲਮਾਂ ਨਵੀਂ ਉਡਾਨ” ਭੇਟ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਾਹਿਤ ਅਤੇ ਸਮਾਜ ਸੇਵਾ ਦੋਵੇਂ ਹੀ ਸਮਾਜ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਡਾ. ਸਵੈਮਾਨ ਸਿੰਘ ਨੇ ਇਸ ਸਨਮਾਨ ਲਈ ਕੁਲ ਹਿੰਦ ਕਿਸਾਨ ਸਭਾ ਅਤੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਸਮਾਜ ਦੀ ਹੋਰ ਵੱਧ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਇਸ ਮੌਕੇ ਸਭਾ ਦੇ ਮੈਂਬਰਾਂ ਅਤੇ ਸਮਾਜ ਸੇਵਕਾਂ ਦੀ ਵੱਡੀ ਗਿਣਤੀ ਹਾਜ਼ਰ ਸੀ।