25 ਜੂਨ ਤੋਂ CableOne ‘ਤੇ ਸਟ੍ਰੀਮ ਹੋਵੇਗੀ ਫ਼ਿਲਮ ‘ਖ਼ਬਰੀ’ ਯੰਗ ਮਲੰਗ ਥੀਏਟਰ, ਅੰਮ੍ਰਿਤਸਰ ਦੇ ਨਵੇਂ ਕਲਾਕਾਰਾਂ ਨੂੰ ਮਿਲਿਆ ਵੱਡਾ ਮੰਚ, ਸਾਜਨ ਕਪੂਰ ਨਿਭਾਉਣਗੇ ਮੁੱਖ ਭੂਮਿਕਾ

 

ਅੰਮ੍ਰਿਤਸਰ, 19 ਜੂਨ (ਕੇ.ਐਲ. ਜੀਤ ਵਾਲੀਆ):
ਪੰਜਾਬੀ ਸਿਨੇਮਾ ਵਿੱਚ ਨਵੀਂ ਸੋਚ ਅਤੇ ਨਵੇਂ ਚਿਹਰਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਫ਼ਿਲਮ ‘ਖ਼ਬਰੀ’ 25 ਜੂਨ ਤੋਂ CableOne ‘ਤੇ ਸਟ੍ਰੀਮ ਹੋਣ ਜਾ ਰਹੀ ਹੈ। ਫ਼ਿਲਮ ਦੇ ਮੁੱਖ ਕਲਾਕਾਰ ਸਾਜਨ ਕਪੂਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦਰਸ਼ਕਾਂ ਨੂੰ ਇਸ ਫ਼ਿਲਮ ਵਿੱਚ ਇੱਕ ਵੱਖਰੀ ਕਹਾਣੀ ਅਤੇ ਨਵੇਂ ਕਲਾਕਾਰਾਂ ਦੀ ਬਿਹਤਰੀਨ ਅਦਾਕਾਰੀ ਦੇਖਣ ਨੂੰ ਮਿਲੇਗੀ।

ਸਾਜਨ ਕਪੂਰ ਨੇ ਦੱਸਿਆ ਕਿ ਉਹ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ, ਜਦਕਿ ਉਨ੍ਹਾਂ ਦੇ ਨਾਲ ਰੰਗਮੰਚ ਨਾਲ ਜੁੜੇ ਕਈ ਪ੍ਰਤਿਭਾਸ਼ਾਲੀ ਨਵੇਂ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਦੇ ਸਾਰੇ ਕਲਾਕਾਰ ਯੰਗ ਮਲੰਗ ਥੀਏਟਰ, ਅੰਮ੍ਰਿਤਸਰ ਵਿੱਚੋਂ ਚੁਣੇ ਗਏ ਹਨ, ਜਿਸ ਨਾਲ ਨਵੀਂ ਪ੍ਰਤਿਭਾ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਵੱਡਾ ਮੌਕਾ ਮਿਲਿਆ ਹੈ।

ਉਨ੍ਹਾਂ ਫ਼ਿਲਮ ਦੇ ਨਿਰਮਾਤਾ ਗਗਨਦੀਪ ਸਿੰਘ ਅਤੇ ਨਿਰਦੇਸ਼ਕ ਬੱਬਰ ਗਿੱਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਵੇਂ ਕਲਾਕਾਰਾਂ ਦੀ ਪ੍ਰਤਿਭਾ ‘ਤੇ ਭਰੋਸਾ ਜਤਾਇਆ ਅਤੇ ਇੱਕ ਅਰਥਪੂਰਨ ਅਤੇ ਵੱਖਰੇ ਵਿਸ਼ੇ ਵਾਲੀ ਫ਼ਿਲਮ ਬਣਾਉਣ ਦਾ ਸਾਹਸ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਸਾਜਨ ਕਪੂਰ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਫ਼ਿਲਮ ਦਾ ਟ੍ਰੇਲਰ ਜ਼ਰੂਰ ਵੇਖਣ, ਆਪਣੀ ਰਾਏ ਸਾਂਝੀ ਕਰਨ ਅਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦਾ ਪਿਆਰ ਅਤੇ ਸਹਿਯੋਗ ਹੀ ਨਵੇਂ ਕਲਾਕਾਰਾਂ ਦਾ ਹੌਸਲਾ ਵਧਾਉਂਦਾ ਹੈ ਅਤੇ ਅਰਥਪੂਰਨ ਸਿਨੇਮਾ ਬਣਾਉਣ ਵਾਲੇ ਨਿਰਮਾਤਾਵਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ।

ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ‘ਖ਼ਬਰੀ’ ਆਪਣੀ ਵੱਖਰੀ ਕਹਾਣੀ, ਪ੍ਰਭਾਵਸ਼ਾਲੀ ਅਦਾਕਾਰੀ ਅਤੇ ਸਮਾਜਿਕ ਸੰਦੇਸ਼ ਕਾਰਨ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੇਗੀ ਅਤੇ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ।

Leave a Reply

Your email address will not be published. Required fields are marked *